ਹੀਰਾ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਰਾ ਸਿੰਘ. ਰਾਜਾ ਧ੍ਯਾਨ ਸਿੰਘ ਡੋਗਰੇ ਦਾ ਪੁਤ੍ਰ. ਜੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਕ੍ਰਿਪਾ ਦਾ ਪਾਤ੍ਰ ਸੀ. ਧ੍ਯਾਨ ਸਿੰਘ ਦੇ ਮਰਨ ਤੋਂ ਪਿੱਛੋਂ ਇਹ ਕੁਝ ਸਮੇਂ ਲਈ ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਭੀ ਹੋ ਗਿਆ ਸੀ. ਇਸ ਨੇ ਸ੍ਵਾਰਥ ਭਰੀਆਂ ਟੇਢੀਆਂ ਚਾਲਾਂ ਚੱਲ ਕੇ ਸਭ ਦਾ ਦਿਲ ਦੁਖੀ ਕੀਤਾ. ਸਰਦਾਰ ਜਵਾਹਰ ਸਿੰਘ (ਮਹਾਰਾਜਾ ਦਲੀਪ ਸਿੰਘ ਦੇ ਮਾਮੇ) ਨੇ ਖ਼ਾਲਸਾ ਦਲ ਲੈ ਕੇ ਹੀਰਾ ਸਿੰਘ ਨੂੰ ਜਦ ਕਿ ਉਹ ਮਿੱਸਰ ਜਲ੍ਹੇ ਅਤੇ ਆਪਣੇ ਸਾਥੀਆਂ ਸਮੇਤ ਲਹੌਰੋਂ ਨੱਠਾ ਜਾ ਰਿਹਾ ਸੀ, ੯ ਪੋਹ ਸੰਮਤ ੧੯੦੧ (੨੧ ਦਿਸੰਬਰ ਸਨ ੧੮੪੪) ਨੂੰ ਮੱਤੇਵਾਲ ਪਿੰਡ ਪਾਸ ਕਤਲ ਕੀਤਾ. ਦੇਖੋ, ਧ੍ਯਾਨ ਸਿੰਘ ੨.

ਫੂਲਵੰਸ਼ੀ ਸਰਦਾਰ ਸੁੱਖਾ ਸਿੰਘ ਜੀ ਰਈਸ ਬਡਰੁੱਖਾਂ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੬ ਪੋਹ ਸੰਮਤ ੧੯੦੦ (ਸਨ ੧੮੪੩) ਨੂੰ ਮਾਈ ਰਾਜ ਕੌਰ (ਸਰਦਾਰ ਬਸਾਵਾ ਸਿੰਘ ਜੀ ਬੋੜਾਵਾਲੀਏ ਦੀ ਸੁਪੁਤ੍ਰੀ) ਦੇ ਉਦਰ ਤੋਂ ਬਡਰੁੱਖੀਂ ਹੋਇਆ. ਰਾਜਾ ਭਗਵਾਨ ਸਿੰਘ ਨਾਭਾਪਤਿ ਦੇ ਔਲਾਦ ਨਾ ਹੋਣ ਕਾਰਣ ਇਹ ਭਾਦੋਂ ਸੁਦੀ ੧੦ ਸੰਮਤ ੧੯੨੮ (੧੦ ਅਗਸਤ ਸਨ ੧੮੭੧) ਨੂੰ ਨਾਭੇ ਦੀ ਰਾਜਗੱਦੀ ਤੇ ਬੈਠੇ.

ਮਹਾਰਾਜਾ ਹੀਰਾ ਸਿੰਘ ਜੀ ਨੇ ਜਿਸ ਯੋਗ੍ਯ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ, ਉਹ ਦੂਜੇ ਮਹਾਰਾਜਿਆਂ ਲਈ ਉਦਾਹਰਣ ਰੂਪ ਹੋਣਾ ਚਾਹੀਏ. ਆਪ ਦਾ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਰਿਆਸਤ ਵਿੱਚ ਅਨੇਕ ਸਕੂਲ ਖੋਲ੍ਹੇ, ਵਿਦ੍ਯਾਰਥੀਆਂ ਨੂੰ ਬਹੁਤ ਵਜੀਫੇ ਦਿੱਤੇ. ਮਕਾਲਿਫ ਸਾਹਿਬ ਨੂੰ “ਸਿੱਖ ਰੀਲੀਜਨ” ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਿਜ ਨੂੰ ਪੱਕੇ ਪੈਰੀਂ ਕੀਤਾ.

ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਯੇ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ੍ਯ ਬਣਾਉਣ ਲਈ ਬੇਅੰਤ ਧਨ ਖਰਚਿਆ.

ਮਹਾਰਾਜਾ ਹੀਰਾ ਸਿੰਘ ਜੀ ਦੇ ਨਿਜਦੇ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜਾਨੇ ਨੂੰ ਪ੍ਰਜਾ ਦੀ ਇਮਾਨਤ ਸਮਝਦੇ ਸਨ. ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾ ਰੋਕ ਟੋਕ ਹਰੇਕ ਆਦਮੀ ਪਹੁੰਚ ਸਕਦਾ ਸੀ.

ਆਪ ਦੇ ਘਰ ਮਹਾਰਾਣੀ ਸਾਹਿਬਾ ਪਰਮੇਸ਼੍ਵਰ ਕੌਰਿ ਰੱਲੇ ਵਾਲਿਆਂ ਦੇ ਉਦਰ ਤੋਂ ੭ ਮਾਘ ਸੰਮਤ ੧੯੩੯ (੧੮ ਜਨਵਰੀ ਸਨ ੧੮੮੩) ਨੂੰ ਬੀਬੀ ਰਿਪੁਦਮਨ ਕੌਰ ਜੀ,1 ਅਤੇ ਮਹਾਰਾਣੀ ਸਾਹਿਬਾ ਜਸਮੇਰ ਕੌਰ ਲੌਂਗੋਵਾਲ ਵਾਲਿਆਂ ਦੇ ਉਦਰ ਤੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨ ਸਿੰਘ ਜੀ ਪੈਦਾ ਹੋਏ.

ਸਨ ੧੮੮੯ ਵਿੱਚ ਜੀ. ਸੀ. ਐਸ. ਆਈ; ਸਨ ੧੯੦੩ ਵਿੱਚ ਜੀ. ਸੀ. ਆਈ. ਈ. ਅਤੇ ਸਨ ੧੯੧੧ ਦੇ ਦਿੱਲੀ ਦਰਬਾਰ ਵਿੱਚ ਮੌਰੂਸੀ “ਮਹਾਰਾਜਾ” ਪਦਵੀ ਮਿਲੀ.

੧੧ ਪੋਹ ਸੰਮਤ ੧੯੬੮ (੨੫ ਦਿਸੰਬਰ ਸਨ ੧੯੧੧) ਨੂੰ ਵੈਰਾੜਵੰਸ਼ ਸਿਰਮੌਰ ਮਹਾਰਾਜਾ ਸਰ ਹੀਰਾ ਸਿੰਘ ਰਾਜਰਿਖੀ ਜੀ ਦਾ ਦੇਹਾਂਤ ਨਾਭੇ ਹੋਇਆ. ਦੇਖੋ, ਨਾਭਾ ਅਤੇ ਫੂਲ ਵੰਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੀਰਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਰਾ ਸਿੰਘ (ਲਗ-ਪਗ 1706-1767): ਨਕਈ ਮਿਸਲ ਦਾ ਬਾਨੀ ਇਕ ਸੰਧੂ ਜੱਟ ਸੀ ਜੋ ਅਜੋਕੇ ਪਾਕਿਸਤਾਨ ਦੇ ਲਾਹੌਰ ਜ਼ਿਲੇ ਵਿਚ ਚੂਨੀਆਂ ਦੇ ਨੇੜੇ ਬਹਿੜਵਾਲ ਪਿੰਡ ਦੇ ਮੁਖੀ ਚੌਧਰੀ ਹੇਮ ਰਾਜ ਦੇ ਘਰ ਪੈਦਾ ਹੋਇਆ ਸੀ। 1731 ਵਿਚ, ਇਸਨੇ ਪ੍ਰਸਿੱਧ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਅਤੇ ਇਸਨੇ ਉਸ ਸਮੇਂ ਦੇ ਸਿੱਖਾਂ ਦੀ ਤਰ੍ਹਾਂ ਸਾਹਸੀ ਅਤੇ ਜੋਖ਼ਮ ਭਰਿਆ ਜੀਵਨ ਜਿਊਂਣਾ ਸ਼ੁਰੂ ਕੀਤਾ। ਗੁਆਂਢੀ ਪਿੰਡਾਂ ਦੇ ਕਈ ਨੌਜਵਾਨ ਇਸ ਨਾਲ ਇਸਦੇ ਕਾਰਨਾਮਿਆਂ ਵਿਚ ਇਸ ਨਾਲ ਮਿਲ ਗਏ ਅਤੇ ਇਸ ਨੇ ਬਹੁਤ ਚੀਜ਼ਾਂ-ਵਸਤਾਂ ਅਤੇ ਬਹੁਤ ਸਾਰੇ ਪਸੂ-ਊਠ ਅਤੇ ਘੋੜੇ ਆਦਿ ਇਕੱਠੇ ਕਰ ਲਏ। ਜਦੋਂ 1763 ਵਿਚ ਸਿੱਖਾਂ ਨੇ ਕਸੂਰ ਉੱਤੇ ਹਮਲਾ ਕਰਕੇ ਉਸ ਨੂੰ ਲੁੱਟਿਆ ਅਤੇ 1764 ਨੂੰ ਸਿਰਹਿੰਦ (ਸਰਹਿੰਦ) ਨੂੰ ਜਿੱਤ ਲਿਆ ਤਾਂ ਹੀਰਾ ਸਿੰਘ ਨੇ ਬਹਿੜਵਾਲ, ਚੂਨੀਆਂ, ਦੀਪਾਲਪੁਰ ਜੰਬਰ , ਜੇਠੂਪੁਰ, ਕੰਗਨਵਾਲ ਅਤੇ ਖੁਡੀਆਂ ਉੱਤੇ ਕਬਜ਼ਾ ਕਰ ਲਿਆ। ਇਸਨੇ ਲਾਹੌਰ ਤੋਂ 60 ਕਿਲੋਮੀਟਰ ਦੀ ਦੂਰੀ ਤੇ ਮੁਲਤਾਨ ਤੋਂ ਫ਼ਿਰੋਜ਼ਪੁਰ ਸੜਕ ਉੱਤੇ ਚੂਨੀਆਂ ਵਿਖੇ ਆਪਣਾ ਹੈਡਕੁਆਰਟਰ ਸਥਾਪਿਤ ਕਰ ਲਿਆ ਅਤੇ ਨਕਈ ਮਿਸਲ ਦਾ ਨੀਂਹ ਪੱਥਰ ਰੱਖਿਆ ਜੋ ‘ਨੱਕਾ` ਇਲਾਕੇ ਦੇ ਨਾਂ ਤੇ ਅਪਣਾਇਆ ਗਿਆ ਸੀ ਅਤੇ ਜਿਸ ਉੱਤੇ ਹੀਰਾ ਸਿੰਘ ਦੀ ਧਾਂਕ ਜੰਮੀ ਹੋਈ ਸੀ।

      ਪਾਕਪਟਨ ਉੱਤੇ 1767 ਵਿਚ ਹਮਲੇ ਦੌਰਾਨ ਹੀਰਾ ਸਿੰਘ ਇਕ ਲੜਾਈ ਵਿਚ ਮਾਰਿਆ ਗਿਆ ਸੀ।


ਲੇਖਕ : ਸ.ਸ.ਭ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹੀਰਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਰਾ ਸਿੰਘ (ਜ. 1835): ਹਰਿਆਣਾ ਦੇ ਅੰਬਾਲਾ ਜ਼ਿਲੇ ਵਿਚ ਸਢੌਰਾ ਪਿੰਡ ਦੇ ਜਗੀਰਦਾਰ ਕਿਰਪਾਲ ਸਿੰਘ ਦਾ ਪੁੱਤਰ ਸੀ ਜੋ 1835 ਵਿਚ ਜਨਮਿਆ ਸੀ। ਇਹ ਕੂਕਾ ਮੁਖੀ ਬਾਬਾ ਰਾਮ ਸਿੰਘ ਵੱਲੋਂ ਦੇਸ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਚਾਰ ਦੇ ਕੰਮ ਦੀ ਦੇਖ-ਭਾਲ ਲਈ ਨਿਯੁਕਤ ਕੀਤੇ ਹੋਏ ਬਾਈ ਸੂਬਿਆਂ ਵਿਚੋਂ ਇਕ ਸੀ। 1869 ਵਿਚ, ਇਹ ਕੂਕਿਆਂ ਦਾ ਇਕ ਪ੍ਰਤਿਨਿਧ ਮੰਡਲ ਲੈ ਕੇ ਕਸ਼ਮੀਰ ਦੇ ਮਹਾਰਾਜਾ ਰਣਬੀਰ ਸਿੰਘ ਨੂੰ ਮਿਲਿਆ ਜੋ ਇਹਨਾਂ ਵੱਲੋਂ ਬੇਨਤੀ ਕਰਨ ਤੇ ਇਕ ਕੂਕਾ ਰੈਜਮੈਂਟ ਬਣਾਉਣੀ ਮੰਨ ਗਿਆ ਜਿਸ ਵਿਚ ਲਗ-ਪਗ 150 ਵਿਅਕਤੀ ਭਰਤੀ ਕੀਤੇ ਗਏ ਸਨ। ਦੋ ਸਾਲਾਂ ਬਾਅਦ ਬ੍ਰਿਟਿਸ਼ ਸਰਕਾਰ ਦੇ ਦਬਾਉ ਹੇਠ ਇਸ ਰੈਜਮੈਂਟ ਨੂੰ ਤੋੜ ਦਿੱਤਾ ਗਿਆ। ਹੀਰਾ ਸਿੰਘ ਨੂੰ ਮਾਲੇਰਕੋਟਲੇ ਦੀ ਘਟਨਾ ਪਿੱਛੋਂ 1872 ਵਿਚ ਬਾਬਾ ਰਾਮ ਸਿੰਘ ਨਾਲ ਭੈਣੀ ਸਾਹਿਬ ਵਿਖੇ ਗ੍ਰਿਫ਼ਤਾਰ ਕਰ ਲਿਆ ਗਿਆ। ਰਿਹਾਅ ਹੋਣ ਤੇ ਇਹ ਅਗਸਤ 1880 ਵਿਚ ਬਾਬਾ ਰਾਮ ਸਿੰਘ ਨੂੰ ਮਿਲਣ ਲਈ ਰੰਗੂਨ ਗਿਆ ਜੋ ਉਸ ਸਮੇਂ ਉੱਥੇ ਕੈਦ ਸਨ। ਹੀਰਾ ਸਿੰਘ ਨੂੰ ਪੰਜਾਬ ਵਾਪਸੀ ਤੇ 1 ਨਵੰਬਰ 1880 ਨੂੰ ਕਲਕੱਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।


ਲੇਖਕ : ਮ.ਲ.ਅ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹੀਰਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਰਾ ਸਿੰਘ (1875-1929): ਗ਼ਦਰ ਕ੍ਰਾਂਤੀਕਾਰੀ ਜੋ ਲਾਹੌਰ ਜ਼ਿਲੇ ਵਿਚ ਪੈਂਦੇ ਪਿੰਡ ਚਰੜ ਦੇ ਮਾਹਣਾ ਸਿੰਘ ਦਾ ਪੁੱਤਰ ਸੀ। ਜਵਾਨੀ ਵਿਚ ਹੀ ਇਸਨੇ ਘਰ ਛੱਡ ਦਿੱਤਾ ਅਤੇ ਵਿਦੇਸ਼ ਵਿਚ ਚੀਨ ਚੱਲਾ ਗਿਆ ਜਿੱਥੇ ਇਸਨੇ ਕਾਫ਼ੀ ਧਨ ਕਮਾਇਆ। ਇਸਦੇ ਕ੍ਰਾਂਤੀਕਾਰੀਆਂ ਨਾਲ ਸੰਬੰਧ ਸਨ ਅਤੇ ਇਹ ਹਾਂਗਕਾਂਗ ਵਿਚ ਸੀ ਜਦੋਂ ਇਸ ਉੱਤੇ ਰਾਜਨੀਤਿਕ ਗਤੀਵਿਧੀਆਂ (ਦਸੰਬਰ 1914) ਕਾਰਨ ਕਲੋਨੀ ਵਿਚ ਰਹਿਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਕੁਝ ਸਮਾਂ ਸੈਗੋਨ ਅਤੇ ਬੈਂਕਾਕ ਰਹਿਣ ਉਪਰੰਤ ਇਹ ਵਾਪਸ ਭਾਰਤ ਪਰਤ ਆਇਆ। ਇਸਨੇ ਗ਼ਦਰੀ ਪ੍ਰਵਾਸੀਆਂ ਨਾਲ ਮਿਲਣਾ ਜੁਲਣਾ ਜਾਰੀ ਰੱਖਿਆ ਜੋ ਅਮਰੀਕਾ ਤੋਂ ਵਾਪਸ ਆਏ ਸਨ ਅਤੇ ਸਿੰਧ ਅਤੇ ਬਲੋਚਿਸਤਾਨ ਵਿਚ ਦਿਖਾਵੇ ਵਾਸਤੇ ਪਸੂ ਖ਼ਰੀਦਣ ਲਈ ਗਏ ਸਨ ਪਰੰਤੂ ਅਸਲ ਵਿਚ ਕ੍ਰਾਂਤੀ ਨੂੰ ਅੱਗੇ ਤੋਰਨ ਲਈ ਕੰਮ ਕਰਦੇ ਸਨ। ਇਸਨੇ ਲਾਹੌਰ ਵਿਖੇ 23ਵੇਂ ਰਸਾਲੇ ਦੇ ਸਵਾਰਾਂ ਨੂੰ ਗ਼ਦਰੀਆਂ ਨਾਲ ਮਿਲਕੇ ਕੰਮ ਕਰਨ ਲਈ ਭਰਮਾ ਲਿਆ। 9 ਜੂਨ 1915 ਨੂੰ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਉੱਤੇ 1915 ਦੇ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਮੁਕੱਦਮਾ ਚਲਾਇਆ ਗਿਆ। 30 ਮਾਰਚ 1916 ਨੂੰ ਇਸਨੂੰ ਮੌਤ ਦੀ ਸਜ਼ਾ ਦਿੱਤੀ ਗਈ ਜਿਸ ਨੂੰ ਪਿੱਛੋਂ ਉਮਰ ਕੈਦ ਵਿਚ ਬਦਲ ਦਿੱਤਾ ਗਿਆ। ਇਹ 6 ਫ਼ਰਵਰੀ 1929 ਵਿਚ ਅਜੋਕੇ ਕਰਨਾਟਕ ਸੂਬੇ ਦੇ ਬੇਲਗੋਮ ਦੇ ਸਿਵਲ ਹਸਪਤਾਲ ਵਿਚ ਪੇਟ ਦੀ ਇਕ ਭਿਆਨਕ ਬਿਮਾਰੀ ਨਾਲ ਚਲਾਣਾ ਕਰ ਗਿਆ।


ਲੇਖਕ : ਮਿ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹੀਰਾ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੀਰਾ ਸਿੰਘ :     ਇਹ ਨਕਈ ਮਿਸਲ ਦਾ ਮੋਢੀ ਸੀ। ਇਹ ਮਿਸਲ ਬਾਕੀ ਮਿਸਲਾਂ ਨਾਲੋਂ ਛੋਟੀ ਸੀ। ਇਸ ਦਾ ਜਨਮ ਚੌਧਰੀ ਹੇਮ ਰਾਜ ਸੰਧੂ ਜੱਟ ਦੇ ਘਰ ਪਿੰਡ ਬਹਿੜਵਾਲ (ਜ਼ਿਲ੍ਹਾ ਲਾਹੌਰ, ਪਾਕਿਸਤਾਨ) ਵਿਖੇ 1706 ਈ. ਵਿਚ ਹੋਇਆ। ਇਸ ਦੇ ਇਲਾਕੇ ਨੱਕਾ ਦੇ ਨਾਂ ਉੱਤੇ ਇਸ ਨੂੰ ਨਕਈ ਕਹਿ ਦਿੱਤਾ ਜਾਂਦਾ ਸੀ। ਸੰਨ 1731 ਵਿਚ ਇਸ ਨੇ ਅੰਮ੍ਰਿਤ ਛਕਿਆ ਅਤੇ ਖ਼ਾਲਸਾ ਦਲ ਵਿਚ ਸ਼ਾਮਲ ਹੋ ਗਿਆ। ਸੰਨ 1748 ਵਿਚ ਇਸ ਨੇ ਨਕਈ ਮਿਸਲ ਦੇ ਨਾਂ ਤੇ ਆਪਣੀ ਵਖਰੀ ਮਿਸਲ ਬਣਾ ਲਈ ਜਿਸ ਅਧੀਨ ਨੱਕਾ ਅਤੇ ਲੰਮਾ ਦੇ ਇਲਾਕੇ ਆਉਂਦੇ ਸਨ।

       ਸੰਨ 1766 ਵਿਚ ਇਸ ਨੇ ਪਾਕਪਟਨ ਦੇ ਇਲਾਕੇ ਉੱਪਰ ਹਮਲਾ ਕੀਤਾ ਅਤੇ ਭੂਮਣ ਸ਼ਾਹ ਕੋਲ ਇਥੋਂ ਦੇ ਦੀਵਾਨ ਨਾਲ ਇਸ ਦੀ ਭਾਰੀ ਲੜਾਈ ਹੋਈ। ਇਸ ਲੜਾਈ ਵਿਚ ਸ. ਹੀਰਾ ਸਿੰਘ ਮਾਰਿਆ ਗਿਆ। ਇਸ ਤੋਂ ਪਿੱਛੋਂ ਇਸ ਦਾ ਭਤੀਜਾ ਸਰਦਾਰ ਨਾਹਰ ਸਿੰਘ ਨਕਈ ਮਿਸਲ ਦਾ ਆਗੂ ਬਣਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-02-12-51-41, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਮਿ. –ਸੀਤਲ: 88; ਮ. ਕੋ. : 677; ਚੀ. ਫੈ. ਨੋ. ਪੰ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.